13-19 ਅਪ੍ਰੈਲ 2026
ਗੀਤ 52 ਸਮਰਪਣ ਦਾ ਵਾਅਦਾ
ਬਪਤਿਸਮੇ ਦਾ ਮਤਲਬ ਚੰਗੀ ਤਰ੍ਹਾਂ ਸਮਝੋ
“ਚੇਲੇ ਬਣਾਓ, . . . ਬਪਤਿਸਮਾ ਦਿਓ।”—ਮੱਤੀ 28:19.
ਕੀ ਸਿੱਖਾਂਗੇ?
ਅਸੀਂ ਸਿੱਖਾਂਗੇ ਕਿ ਬਪਤਿਸਮਾ ਲੈਣ ਦਾ ਕੀ ਮਤਲਬ ਹੈ, ਸਾਨੂੰ ਕਿਉਂ ਬਪਤਿਸਮਾ ਲੈਣਾ ਚਾਹੀਦਾ ਹੈ ਅਤੇ ਇਹ ਕਿੱਦਾਂ ਦਿੱਤਾ ਜਾਣਾ ਚਾਹੀਦਾ ਹੈ।
1. ਕਿਵੇਂ ਪਤਾ ਲੱਗਦਾ ਹੈ ਕਿ ਬਪਤਿਸਮਾ ਬਾਈਬਲ ਦੀ ਇਕ ਬੁਨਿਆਦੀ ਸਿੱਖਿਆ ਹੈ?
ਸਾਨੂੰ ਉਦੋਂ ਕਿੰਨੀ ਖ਼ੁਸ਼ੀ ਹੁੰਦੀ ਹੈ ਜਦੋਂ ਨਵੇਂ ਲੋਕ ਬਪਤਿਸਮਾ ਲੈਂਦੇ ਹਨ! ਕੀ ਤੁਸੀਂ ਜਾਣਦੇ ਹੋ ਕਿ ਪੰਤੇਕੁਸਤ 33 ਈਸਵੀ ਨੂੰ ਮਸੀਹੀ ਮੰਡਲੀ ਦੀ ਪਹਿਲੀ ਮੀਟਿੰਗ ਵਿਚ ਵੀ ਇਹੀ ਖ਼ੁਸ਼ੀ ਦੇਖੀ ਗਈ ਸੀ? ਉਸ ਮੀਟਿੰਗ ਵਿਚ ਸਿਰਫ਼ ਬਪਤਿਸਮਾ ਹੀ ਨਹੀਂ ਹੋਇਆ, ਸਗੋਂ ਇਕ ਭਾਸ਼ਣ ਵੀ ਦਿੱਤਾ ਗਿਆ ਜਿਸ ਵਿਚ ਬਪਤਿਸਮੇ ਬਾਰੇ ਬੁਨਿਆਦੀ ਸਿੱਖਿਆਵਾਂ ਸਮਝਾਈਆਂ ਗਈਆਂ ਸਨ। (ਰਸੂ. 2:38, 40, 41) ਪੌਲੁਸ ਰਸੂਲ ਨੇ ਲਿਖਿਆ ਕਿ “ਮਸੀਹ ਬਾਰੇ ਬੁਨਿਆਦੀ ਸਿੱਖਿਆਵਾਂ” ਵਿਚ ਕਈ ਤਰ੍ਹਾਂ ਦੇ “ਬਪਤਿਸਮਿਆਂ ਦੀ ਸਿੱਖਿਆ” ਸ਼ਾਮਲ ਹੈ। (ਇਬ. 6:1, 2) ਭਾਵੇਂ ਕਿ ਬਪਤਿਸਮੇ ਦਾ ਵਿਸ਼ਾ ਆਮ ਲੱਗ ਸਕਦਾ ਹੈ, ਪਰ ਸਾਨੂੰ ਸਾਰਿਆਂ ਨੂੰ ਇਸ ਨੂੰ ਚੰਗੀ ਤਰ੍ਹਾਂ ਸਮਝਣ ਦੀ ਲੋੜ ਹੈ। ਕਿਉਂ?
2. ਸਾਨੂੰ ਬਪਤਿਸਮੇ ਦੀ ਸਿੱਖਿਆ ਨੂੰ ਚੰਗੀ ਤਰ੍ਹਾਂ ਕਿਉਂ ਸਮਝਣਾ ਚਾਹੀਦਾ ਹੈ?
2 ਜਦੋਂ ਕਿਸੇ ਘਰ ਦੀ ਨੀਂਹ ਪੱਕੀ ਹੁੰਦੀ ਹੈ, ਤਾਂ ਉਹ ਘਰ ਮਜ਼ਬੂਤੀ ਨਾਲ ਟਿਕਿਆ ਰਹਿੰਦਾ ਹੈ। ਬਿਲਕੁਲ ਇਸੇ ਤਰ੍ਹਾਂ ਜਦੋਂ ਅਸੀਂ ਬਪਤਿਸਮੇ ਦੀ ਸਿੱਖਿਆ ਨੂੰ ਚੰਗੀ ਤਰ੍ਹਾਂ ਸਮਝਦੇ ਹਾਂ, ਤਾਂ ਸਾਡੀ ਨਿਹਚਾ ਮਜ਼ਬੂਤ ਰਹਿੰਦੀ ਹੈ। ਸਾਡੇ ਸਾਰਿਆਂ ਲਈ ਇਸ ਸਿੱਖਿਆ ਨੂੰ ਸਮਝਣਾ ਜ਼ਰੂਰੀ ਹੈ, ਫਿਰ ਚਾਹੇ ਅਸੀਂ ਬਪਤਿਸਮਾ ਲੈਣ ਦੀ ਤਿਆਰੀ ਕਰ ਰਹੇ ਹਾਂ ਜਾਂ ਫਿਰ ਸਾਡੇ ਬਪਤਿਸਮੇ ਨੂੰ ਕਾਫ਼ੀ ਸਾਲ ਹੋ ਗਏ ਹਨ। ਇਸ ਲਈ ਇਸ ਲੇਖ ਵਿਚ ਅਸੀਂ ਇਨ੍ਹਾਂ ਸਵਾਲਾਂ ਦੇ ਜਵਾਬ ਲਵਾਂਗੇ: ਬਪਤਿਸਮਾ ਲੈਣ ਦਾ ਕੀ ਮਤਲਬ ਹੈ? ਇਹ ਕਿਵੇਂ ਦਿੱਤਾ ਜਾਂਦਾ ਹੈ ਅਤੇ ਅਸੀਂ ਪਿਤਾ, ਪੁੱਤਰ ਅਤੇ ਪਵਿੱਤਰ ਸ਼ਕਤੀ ਦੇ ਨਾਂ ʼਤੇ ਬਪਤਿਸਮਾ ਕਿਉਂ ਲੈਂਦੇ ਹਾਂ?
ਬਪਤਿਸਮਾ ਲੈਣ ਦਾ ਮਤਲਬ
3. ਬਪਤਿਸਮਾ ਲੈਣ ਨਾਲ ਕੀ ਜ਼ਾਹਰ ਹੁੰਦਾ ਹੈ?
3 ਬਪਤਿਸਮਾ ਲੈ ਕੇ ਤੁਸੀਂ ਸਾਰਿਆਂ ਸਾਮ੍ਹਣੇ ਜ਼ਾਹਰ ਕਰਦੇ ਹੋ ਕਿ ਤੁਸੀਂ ਯਹੋਵਾਹ ਅਤੇ ਯਿਸੂ ਮਸੀਹ ਬਾਰੇ ਸੱਚਾਈ ਨੂੰ ਸਵੀਕਾਰ ਕੀਤਾ ਹੈ, ਆਪਣੇ ਪਾਪਾਂ ਤੋਂ ਤੋਬਾ ਕੀਤੀ ਹੈ ਅਤੇ ਯਹੋਵਾਹ ਦੀ ਸੇਵਾ ਕਰਨ ਲਈ ਆਪਣੀ ਜ਼ਿੰਦਗੀ ਵਿਚ ਫੇਰ-ਬਦਲ ਕੀਤੇ ਹਨ। ਨਾਲੇ ਤੁਸੀਂ ਮੰਨਦੇ ਹੋ ਕਿ ਯਹੋਵਾਹ ਯਿਸੂ ਰਾਹੀਂ ਹੀ ਸਾਨੂੰ ਮੁਕਤੀ ਦਿੰਦਾ ਹੈ ਅਤੇ ਤੁਸੀਂ ਪ੍ਰਾਰਥਨਾ ਰਾਹੀਂ ਯਹੋਵਾਹ ਨੂੰ ਦੱਸਿਆ ਹੈ ਕਿ ਹੁਣ ਤੋਂ ਤੁਸੀਂ ਉਸ ਦੇ ਸੰਗਠਨ ਨਾਲ ਮਿਲ ਕੇ ਉਸ ਦੀ ਇੱਛਾ ਅਨੁਸਾਰ ਕੰਮ ਕਰਨਾ ਚਾਹੁੰਦੇ ਹੋ। ਜਦੋਂ ਤੁਸੀਂ ਆਪਣਾ ਸਮਰਪਣ ਕਰ ਕੇ ਬਪਤਿਸਮਾ ਲੈਂਦੇ ਹੋ, ਤਾਂ ਤੁਸੀਂ ਅਜਿਹੇ ਰਾਹ ਤੇ ਚੱਲਣਾ ਸ਼ੁਰੂ ਕਰਦੇ ਹੋ ਜਿਸ ʼਤੇ ਤੁਸੀਂ ਹਮੇਸ਼ਾ ਯਹੋਵਾਹ ਦੇ ਨਾਲ-ਨਾਲ ਚੱਲੋਗੇ।
4. ਪਾਣੀ ਵਿਚ ਪੂਰੀ ਤਰ੍ਹਾਂ ਡੋਬੇ ਜਾਣ ਦਾ ਕੀ ਮਤਲਬ ਹੈ? (ਤਸਵੀਰ ਵੀ ਦੇਖੋ।)
4 ਜਦੋਂ ਤੁਸੀਂ ਬਪਤਿਸਮਾ ਲੈਂਦੇ ਹੋ, ਤਾਂ ਤੁਹਾਨੂੰ ਪੂਰੀ ਤਰ੍ਹਾਂ ਪਾਣੀ ਵਿਚ ਡੋਬਿਆ ਜਾਂਦਾ ਹੈ ਅਤੇ ਫਿਰ ਬਾਹਰ ਕੱਢਿਆ ਜਾਂਦਾ ਹੈ।a ਇਹ ਇੱਦਾਂ ਹੈ ਜਿੱਦਾਂ ਤੁਹਾਨੂੰ ਦਫ਼ਨ ਕਰ ਦਿੱਤਾ ਗਿਆ ਹੋਵੇ ਤੇ ਫਿਰ ਤੋਂ ਜੀਉਂਦਾ ਕਰ ਦਿੱਤਾ ਗਿਆ ਹੋਵੇ। (ਕੁਲੁੱਸੀਆਂ 2:12 ਵਿਚ ਨੁਕਤਾ ਦੇਖੋ।) ਬਪਤਿਸਮੇ ਤੋਂ ਪਤਾ ਲੱਗਦਾ ਹੈ ਕਿ ਤੁਸੀਂ ਆਪਣੀ ਜ਼ਿੰਦਗੀ ਵਿਚ ਵੱਡੇ-ਵੱਡੇ ਬਦਲਾਅ ਕੀਤੇ ਹਨ। ਜਦੋਂ ਤੁਸੀਂ ਪਾਣੀ ਹੇਠਾਂ ਜਾਂਦੇ ਹੋ, ਤਾਂ ਇਸ ਤੋਂ ਪਤਾ ਲੱਗਦਾ ਹੈ ਕਿ ਤੁਸੀਂ ਆਪਣੀ ਪੁਰਾਣੀ ਜ਼ਿੰਦਗੀ ਦੇ ਤੌਰ-ਤਰੀਕਿਆਂ ਨੂੰ ਪੂਰੀ ਤਰ੍ਹਾਂ ਛੱਡ ਦਿੱਤਾ ਹੈ। ਜਦੋਂ ਤੁਸੀਂ ਪਾਣੀ ਤੋਂ ਉੱਪਰ ਆਉਂਦੇ ਹੋ, ਤਾਂ ਇਹ ਦਿਖਾਉਂਦਾ ਹੈ ਕਿ ਤੁਸੀਂ ਪਰਮੇਸ਼ੁਰ ਦੀ ਇੱਛਾ ਮੁਤਾਬਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਹੈ।
ਬਪਤਿਸਮਾ ਲੈ ਕੇ ਤੁਸੀਂ ਆਪਣੇ ਪੁਰਾਣੇ ਰਾਹਾਂ ਤੋਂ ਤੋਬਾ ਕਰਦੇ ਹੋ ਅਤੇ ਪਰਮੇਸ਼ੁਰ ਦੀ ਇੱਛਾ ਮੁਤਾਬਕ ਜ਼ਿੰਦਗੀ ਜੀਉਣੀ ਸ਼ੁਰੂ ਕਰਦੇ ਹੋ (ਪੈਰਾ 4 ਦੇਖੋ)
5. ਬਪਤਿਸਮਾ ਲੈਣ ਲਈ ਜਿਹੜੇ ਕਦਮ ਚੁੱਕਣੇ ਜ਼ਰੂਰੀ ਹਨ, ਉਹ ਨੂਹ ਦੀ ਕਿਸ਼ਤੀ ਬਣਾਉਣ ਵਾਂਗ ਕਿਵੇਂ ਹਨ? (1 ਪਤਰਸ 3:18-21)
5 1 ਪਤਰਸ 3:18-21 ਪੜ੍ਹੋ। ਤੁਸੀਂ ਬਪਤਿਸਮਾ ਲੈਣ ਲਈ ਜੋ ਵੀ ਕਦਮ ਚੁੱਕਦੇ ਹੋ, ਤੁਸੀਂ ਉਨ੍ਹਾਂ ਦੀ ਤੁਲਨਾ ਉਨ੍ਹਾਂ ਕੰਮਾਂ ਨਾਲ ਕਰ ਸਕਦੇ ਹੋ ਜੋ ਨੂਹ ਨੇ ਕਿਸ਼ਤੀ ਬਣਾਉਣ ਲਈ ਕੀਤੇ ਸਨ। ਜੇ ਤੁਸੀਂ ਹੁਣੇ-ਹੁਣੇ ਪਰਮੇਸ਼ੁਰ ਬਾਰੇ ਸਿੱਖਣਾ ਸ਼ੁਰੂ ਕੀਤਾ ਹੈ, ਤਾਂ ਸ਼ਾਇਦ ਤੁਹਾਨੂੰ ਲੱਗੇ ਕਿ ਬਪਤਿਸਮਾ ਲੈਣ ਲਈ ਤੁਹਾਨੂੰ ਤਾਂ ਹਾਲੇ ਬਹੁਤ ਕੁਝ ਕਰਨ ਦੀ ਲੋੜ ਹੈ। ਸ਼ਾਇਦ ਤੁਹਾਨੂੰ ਇੱਦਾਂ ਕਰਨਾ ਉੱਨਾ ਹੀ ਔਖਾ ਲੱਗੇ ਜਿੰਨਾ ਨੂਹ ਲਈ ਇਕ ਵੱਡੀ ਸਾਰੀ ਕਿਸ਼ਤੀ ਬਣਾਉਣੀ ਔਖੀ ਸੀ। ਕੀ ਬਪਤਿਸਮੇ ਲਈ ਇੰਨੀ ਮਿਹਨਤ ਕਰਨੀ ਜ਼ਰੂਰੀ ਹੈ? ਜੀ ਹਾਂ। ਕਿਉਂ? ਜ਼ਰਾ ਨੂਹ ਬਾਰੇ ਸੋਚੋ ਜਿਸ ਲਈ ਕਿਸ਼ਤੀ ਬਣਾਉਣ ਵਾਸਤੇ ਮਿਹਨਤ ਕਰਨੀ ਜ਼ਰੂਰੀ ਸੀ। ਯਹੋਵਾਹ ਪਰਮੇਸ਼ੁਰ ਨੇ ਖ਼ੁਦ ਕਿਸ਼ਤੀ ਦਾ ਨਕਸ਼ਾ ਤਿਆਰ ਕੀਤਾ ਸੀ ਅਤੇ ਬਚਾਅ ਵਾਸਤੇ ਨੂਹ ਲਈ ਉਸ ਨਕਸ਼ੇ ਦੇ ਹਿਸਾਬ ਨਾਲ ਹੀ ਕਿਸ਼ਤੀ ਬਣਾਉਣੀ ਜ਼ਰੂਰੀ ਸੀ। ਯਹੋਵਾਹ ʼਤੇ ਨਿਹਚਾ ਹੋਣ ਕਰਕੇ ਅਤੇ ਉਸ ਦੀ ਮਦਦ ਨਾਲ ਨੂਹ ਨੇ ਪਰਮੇਸ਼ੁਰ ਦੀ ਗੱਲ ਮੰਨੀ ਅਤੇ ਕਿਸ਼ਤੀ ਬਣਾਈ। ਇਸੇ ਤਰ੍ਹਾਂ ਤੁਸੀਂ ਵੀ ਉਹ ਸਭ ਕਰ ਪਾਓਗੇ ਜਿਸ ਦਾ ‘ਪਰਮੇਸ਼ੁਰ ਨੇ ਹੁਕਮ ਦਿੱਤਾ’ ਹੈ।—ਉਤ. 6:22.
6. ਕਿਸ ਅਰਥ ਵਿਚ ਬਪਤਿਸਮਾ ਤੁਹਾਨੂੰ ਬਚਾ ਸਕਦਾ ਹੈ?
6 ਆਇਤ 21 ਵਿਚ ਪਤਰਸ ਨੇ ਲਿਖਿਆ ਕਿ ‘ਬਪਤਿਸਮਾ ਤੁਹਾਨੂੰ ਬਚਾ ਰਿਹਾ ਹੈ।’ ਇਹ ਸੱਚ ਹੈ ਕਿ ਪਾਣੀ ਵਿਚ ਪੂਰੀ ਤਰ੍ਹਾਂ ਡੁਬਕੀ ਲੈਣ ਨਾਲ ਮੁਕਤੀ ਨਹੀਂ ਮਿਲਦੀ ਅਤੇ ਨਾ ਹੀ ਤੁਹਾਡੇ ਪਾਪ ਹਮੇਸ਼ਾ ਲਈ ਧੋਤੇ ਜਾਂਦੇ ਹਨ। ਸਿਰਫ਼ ਯਿਸੂ ਦੇ ਲਹੂ ਦੁਆਰਾ ਹੀ ਤੁਹਾਡੇ ਪਾਪ ਪੂਰੀ ਤਰ੍ਹਾਂ ਧੋਤੇ ਜਾਂਦੇ ਹਨ। (1 ਯੂਹੰ. 1:7) ਪਰ ਫਿਰ ਵੀ ਬਪਤਿਸਮਾ ਲੈਣਾ ਬਹੁਤ ਜ਼ਰੂਰੀ ਹੈ ਕਿਉਂਕਿ ਯਹੋਵਾਹ ਨੇ ਸਾਨੂੰ ਇੱਦਾਂ ਕਰਨ ਦਾ ਹੁਕਮ ਦਿੱਤਾ ਹੈ। ਨਾਲੇ ਜਦੋਂ ਤੁਸੀਂ ਬਪਤਿਸਮਾ ਲੈਂਦੇ ਹੋ, ਤਾਂ ਤੁਸੀਂ “ਪਰਮੇਸ਼ੁਰ ਨੂੰ ਸਾਫ਼ ਜ਼ਮੀਰ ਵਾਸਤੇ ਫ਼ਰਿਆਦ” ਕਰਦੇ ਹੋ। ਯਹੋਵਾਹ ਨੂੰ ਯਿਸੂ ਦੀ ਕੁਰਬਾਨੀ ਦੇ ਆਧਾਰ ʼਤੇ ਤੁਹਾਡੇ ਪਾਪ ਮਾਫ਼ ਕਰ ਕੇ ਅਤੇ ਤੁਹਾਨੂੰ ਸਾਫ਼ ਜ਼ਮੀਰ ਦੇ ਕੇ ਬਹੁਤ ਖ਼ੁਸ਼ੀ ਹੁੰਦੀ ਹੈ। ਇਸ ਅਰਥ ਵਿਚ ਬਪਤਿਸਮਾ ‘ਤੁਹਾਨੂੰ ਬਚਾ ਰਿਹਾ ਹੈ’ ਯਾਨੀ ਹਮੇਸ਼ਾ ਦੀ ਜ਼ਿੰਦਗੀ ਦੇ ਰਾਹ ਪਾ ਰਿਹਾ ਹੈ।
ਬਪਤਿਸਮਾ ਕਿਵੇਂ ਦਿੱਤਾ ਜਾਂਦਾ ਹੈ?
7. ਬਪਤਿਸਮਾ ਕਿਵੇਂ ਦਿੱਤਾ ਜਾਣਾ ਚਾਹੀਦਾ ਹੈ?
7 ਬਾਈਬਲ ਵਿਚ ਦੱਸਿਆ ਗਿਆ ਹੈ ਕਿ ਬਪਤਿਸਮੇ ਵੇਲੇ ਇਕ ਵਿਅਕਤੀ ਨੂੰ ਪਾਣੀ ਵਿਚ ਪੂਰੀ ਤਰ੍ਹਾਂ ਡੋਬਿਆ ਜਾਣਾ ਚਾਹੀਦਾ ਹੈ। ਇਸ ਤੋਂ ਇਲਾਵਾ, ਬਪਤਿਸਮੇ ਬਾਰੇ ਹੋਰ ਕੋਈ ਮੰਗ ਨਹੀਂ ਦਿੱਤੀ ਗਈ। ਪਰ ਬਾਈਬਲ ਦੇ ਅਸੂਲਾਂ ਤੋਂ ਇਹ ਜ਼ਰੂਰ ਪਤਾ ਲੱਗਦਾ ਹੈ ਕਿ ਬਪਤਿਸਮੇ ਵੇਲੇ ਕੀ ਕਰਨਾ ਜ਼ਰੂਰੀ ਹੈ। ਮਿਸਾਲ ਲਈ, ਇਨ੍ਹਾਂ ਅਸੂਲਾਂ ਤੋਂ ਬਪਤਿਸਮਾ ਲੈਣ ਵਾਲੇ ਨੂੰ ਪਤਾ ਲੱਗਦਾ ਹੈ ਕਿ ਇਸ ਮੌਕੇ ਤੇ ਉਸ ਨੂੰ ਕਿਹੋ ਜਿਹੇ ਕੱਪੜੇ ਪਾਉਣੇ ਚਾਹੀਦੇ ਹਨ ਅਤੇ ਉੱਥੇ ਹਾਜ਼ਰ ਲੋਕਾਂ ਨੂੰ ਕਿਵੇਂ ਪੇਸ਼ ਆਉਣਾ ਚਾਹੀਦਾ ਹੈ। (1 ਕੁਰਿੰ. 14:40; 1 ਤਿਮੋ. 2:9) ਅੱਜ ਅਕਸਰ ਬਪਤਿਸਮਾ ਬਜ਼ੁਰਗਾਂ ਰਾਹੀਂ ਦਿੱਤਾ ਜਾਂਦਾ ਹੈ, ਪਰ ਸਾਨੂੰ ਬਪਤਿਸਮਾ ਦੇਣ ਵਾਲੇ ਭਰਾਵਾਂ ਨੂੰ ਹੱਦੋਂ ਵੱਧ ਅਹਿਮੀਅਤ ਨਹੀਂ ਦੇਣੀ ਚਾਹੀਦੀ। (1 ਕੁਰਿੰ. 1:14, 15) ਨਾਲੇ ਇਹ ਜ਼ਰੂਰੀ ਨਹੀਂ ਹੈ ਕਿ ਬਪਤਿਸਮੇ ਵੇਲੇ ਗਵਾਹਾਂ ਵਜੋਂ ਉੱਥੇ ਥੋੜ੍ਹੇ ਜਾਂ ਬਹੁਤ ਸਾਰੇ ਭੈਣ-ਭਰਾ ਹਾਜ਼ਰ ਹੋਣ।—ਰਸੂ. 8:36.
8. ਬਪਤਿਸਮਾ ਲੈਣ ਵਾਲਿਆਂ ਨੂੰ ਕਿਹੜੇ ਸਵਾਲ ਪੁੱਛੇ ਜਾਂਦੇ ਹਨ ਅਤੇ ਕਿਉਂ? (ਰਸੂਲਾਂ ਦੇ ਕੰਮ 2:38-42) (ਤਸਵੀਰ ਵੀ ਦੇਖੋ।)
8 ਬਾਈਬਲ ਤੋਂ ਪਤਾ ਲੱਗਦਾ ਹੈ ਕਿ ‘ਮੁਕਤੀ ਪਾਉਣ ਲਈ ਨਿਹਚਾ ਦਾ ਸਾਰਿਆਂ ਸਾਮ੍ਹਣੇ ਐਲਾਨ ਕਰਨਾ ਜ਼ਰੂਰੀ ਹੈ।’ (ਰੋਮੀ. 10:9, 10) ਅਸੀਂ ਹੋਰ ਮੌਕਿਆਂ ਤੇ ਆਪਣੀ ਨਿਹਚਾ ਦਾ ਐਲਾਨ ਕਰਦੇ ਹਾਂ, ਪਰ ਬਪਤਿਸਮੇ ਵਾਲੇ ਦਿਨ ਇੱਦਾਂ ਕਰਨਾ ਹੋਰ ਵੀ ਜ਼ਿਆਦਾ ਜ਼ਰੂਰੀ ਹੈ। ਇਸੇ ਲਈ ਬਪਤਿਸਮਾ ਲੈਣ ਵਾਲਿਆਂ ਨੂੰ ਇਹ ਦੋ ਸਵਾਲ ਪੁੱਛੇ ਜਾਂਦੇ ਹਨ। ਪਹਿਲਾ ਸਵਾਲ, “ਕੀ ਤੁਸੀਂ ਆਪਣੇ ਪਾਪਾਂ ਤੋਂ ਤੋਬਾ ਕਰ ਕੇ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕੀਤੀ ਹੈ ਤੇ ਇਹ ਮੰਨਦੇ ਹੋ ਕਿ ਮੁਕਤੀ ਸਿਰਫ਼ ਯਿਸੂ ਮਸੀਹ ਦੇ ਜ਼ਰੀਏ ਮਿਲੇਗੀ?” ਇਹ ਸਵਾਲ ਇਸ ਗੱਲ ਵੱਲ ਧਿਆਨ ਖਿੱਚਦਾ ਹੈ ਕਿ ਇਕ ਵਿਅਕਤੀ ਨੇ ਬਪਤਿਸਮਾ ਲੈਣ ਲਈ ਕੀ-ਕੀ ਕੀਤਾ ਹੈ। ਪਤਰਸ ਨੇ ਵੀ ਪੰਤੇਕੁਸਤ ਵਾਲੇ ਦਿਨ ਲੋਕਾਂ ਨੂੰ ਇੱਦਾਂ ਹੀ ਕਰਨ ਦੀ ਹੱਲਾਸ਼ੇਰੀ ਦਿੱਤੀ ਸੀ। ਦੂਜਾ ਸਵਾਲ ਇਹ ਪੁੱਛਿਆ ਜਾਂਦਾ ਹੈ, “ਕੀ ਤੁਸੀਂ ਇਸ ਗੱਲ ਨੂੰ ਸਮਝਦੇ ਹੋ ਕਿ ਬਪਤਿਸਮਾ ਲੈ ਕੇ ਤੁਸੀਂ ਯਹੋਵਾਹ ਦੇ ਸੰਗਠਨ ਦਾ ਹਿੱਸਾ ਬਣ ਜਾਓਗੇ ਤੇ ਹੁਣ ਤੋਂ ਯਹੋਵਾਹ ਦੇ ਗਵਾਹ ਵਜੋਂ ਜਾਣੇ ਜਾਓਗੇ?” ਇਹ ਸਵਾਲ ਇਸ ਗੱਲ ਵੱਲ ਧਿਆਨ ਖਿੱਚਦਾ ਹੈ ਕਿ ਬਪਤਿਸਮੇ ਤੋਂ ਬਾਅਦ ਉਹ ਕੀ ਕਰੇਗਾ। ਉਹ ਆਪਣੇ ਵਾਅਦੇ ਨੂੰ ਪੂਰਾ ਕਰਨ ਲਈ ਯਹੋਵਾਹ ਦੇ ਸੰਗਠਨ ਵੱਲੋਂ ਮਿਲਦੀਆਂ ਹਿਦਾਇਤਾਂ ਮੁਤਾਬਕ ਚੱਲੇਗਾ ਅਤੇ ਮਸੀਹੀ ਭੈਣਾਂ-ਭਰਾਵਾਂ ਨਾਲ ਮਿਲ ਕੇ ਉਸ ਦੀ ਸੇਵਾ ਕਰੇਗਾ ਜਿੱਦਾਂ ਪਹਿਲੀ ਸਦੀ ਦੇ ਮਸੀਹੀਆਂ ਨੇ ਕੀਤੀ ਸੀ। (ਰਸੂਲਾਂ ਦੇ ਕੰਮ 2:38-42 ਪੜ੍ਹੋ।) ਜਿਹੜੇ ਦਿਲੋਂ ਇਨ੍ਹਾਂ ਸਵਾਲਾਂ ਦਾ ਜਵਾਬ ਹਾਂ ਵਿਚ ਦਿੰਦੇ ਹਨ, ਉਹ ਬਪਤਿਸਮਾ ਲੈਣ ਦੇ ਯੋਗ ਹੁੰਦੇ ਹਨ।
ਤੁਹਾਡੇ ਬਪਤਿਸਮੇ ਵਿਚ ‘ਮੁਕਤੀ ਪਾਉਣ ਲਈ ਨਿਹਚਾ ਦਾ ਸਾਰਿਆਂ ਸਾਮ੍ਹਣੇ ਐਲਾਨ ਕਰਨਾ’ ਸ਼ਾਮਲ ਹੈ (ਪੈਰਾ 8 ਦੇਖੋ)d
9. ਹਰੇਕ ਲਈ ਯਹੋਵਾਹ ਦੀ ਮਨਜ਼ੂਰੀ ਪਾਉਣ ਵਾਸਤੇ ਕਿਹੜੇ ਕਦਮ ਚੁੱਕਣੇ ਜ਼ਰੂਰੀ ਹਨ?
9 ਸ਼ਾਇਦ ਤੁਸੀਂ ਸੱਚਾਈ ਸਿੱਖਣ ਤੋਂ ਪਹਿਲਾਂ ਵੀ ਚੰਗੀ ਜ਼ਿੰਦਗੀ ਜੀਉਂਦੇ ਹੋਣੇ ਅਤੇ ਤੁਸੀਂ ਕਦੇ ਵੀ ਕੋਈ ਗੰਭੀਰ ਪਾਪ ਨਹੀਂ ਕੀਤਾ ਹੋਣਾ। ਜਾਂ ਸ਼ਾਇਦ ਤੁਹਾਡੀ ਪਰਵਰਿਸ਼ ਮਸੀਹੀ ਮਾਪਿਆਂ ਨੇ ਕੀਤੀ ਹੋਣੀ ਜਿਨ੍ਹਾਂ ਨੇ ਤੁਹਾਨੂੰ ਯਹੋਵਾਹ ਨਾਲ ਪਿਆਰ ਕਰਨਾ ਸਿਖਾਇਆ। ਕੀ ਤੁਹਾਨੂੰ ਫਿਰ ਵੀ ਤੋਬਾ ਕਰ ਕੇ ਬਪਤਿਸਮਾ ਲੈਣ ਦੀ ਲੋੜ ਹੈ ਤਾਂਕਿ ਤੁਸੀਂ ਯਹੋਵਾਹ ਦੀ ਮਿਹਰ ਪਾ ਸਕੋ? ਜੀ ਹਾਂ। ਸਾਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਸਾਨੂੰ ਸਾਰਿਆਂ ਨੂੰ ਵਿਰਾਸਤ ਵਿਚ ਪਾਪ ਮਿਲਿਆ ਹੈ ਜਿਸ ਕਰਕੇ ਅਸੀਂ ਪਰਮੇਸ਼ੁਰ ਤੋਂ ਦੂਰ ਹੋ ਗਏ ਹਾਂ। (ਜ਼ਬੂ. 51:5) ਜਿੱਦਾਂ-ਜਿੱਦਾਂ ਅਸੀਂ ਯਹੋਵਾਹ ਨੂੰ ਜਾਣਨ ਲੱਗਦੇ ਹਾਂ, ਉੱਦਾਂ-ਉੱਦਾਂ ਅਸੀਂ ਆਪਣੀ ਇੱਛਾ ਦੀ ਬਜਾਇ ਉਸ ਦੀ ਇੱਛਾ ਨੂੰ ਪਹਿਲ ਦੇਣੀ ਸ਼ੁਰੂ ਕਰਦੇ ਹਾਂ। ਫਿਰ ਅਸੀਂ ਆਪਣੇ ਪੁਰਾਣੇ ਰਾਹ ਤੋਂ ਤੋਬਾ ਕਰਦੇ ਹਾਂ ਅਤੇ ਵਾਪਸ ਮੁੜਦੇ ਹਾਂ ਯਾਨੀ ਅਜਿਹੇ ਤਰੀਕੇ ਨਾਲ ਜ਼ਿੰਦਗੀ ਜੀਉਣੀ ਸ਼ੁਰੂ ਕਰਦੇ ਹਾਂ ਜਿਸ ਤੋਂ ਸਾਡੇ ਸਵਰਗੀ ਪਿਤਾ ਨੂੰ ਖ਼ੁਸ਼ੀ ਹੁੰਦੀ ਹੈ। ਫਿਰ ਅਸੀਂ ਬਪਤਿਸਮਾ ਲੈਂਦੇ ਹਾਂ।—ਰਸੂ. 3:19.
10. ਜੇ ਤੁਹਾਡਾ ਬਪਤਿਸਮਾ ਕਿਸੇ ਹੋਰ ਧਰਮ ਵਿਚ ਹੋਇਆ ਹੈ, ਤਾਂ ਵੀ ਤੁਹਾਨੂੰ ਕੀ ਕਰਨਾ ਚਾਹੀਦਾ ਹੈ?
10 ਜੇ ਪਹਿਲਾਂ ਹੀ ਤੁਹਾਡਾ ਕਿਸੇ ਹੋਰ ਧਰਮ ਵਿਚ ਬਪਤਿਸਮਾ ਹੋਇਆ ਹੈ, ਤਾਂ ਵੀ ਤੁਹਾਡੇ ਲਈ ਇਕ ਯਹੋਵਾਹ ਦੇ ਗਵਾਹ ਵਜੋਂ ਬਪਤਿਸਮਾ ਲੈਣਾ ਜ਼ਰੂਰੀ ਹੈ। ਕਿਉਂ? ਕਿਉਂਕਿ ਤੁਸੀਂ ਉਸ ਵੇਲੇ ਯਹੋਵਾਹ ਤੇ ਯਿਸੂ ਬਾਰੇ ਸੱਚਾਈ ਚੰਗੀ ਤਰ੍ਹਾਂ ਨਹੀਂ ਸਮਝਦੇ ਸੀ। ਨਾਲੇ ਚਾਹੇ ਤੁਸੀਂ ਪ੍ਰਾਰਥਨਾ ਵਿਚ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕੀਤੀ ਸੀ, ਪਰ ਇਹ ਵਾਅਦਾ ਪਰਮੇਸ਼ੁਰ ਦੀ ਇੱਛਾ ਬਾਰੇ ਸਹੀ ਸਮਝ ਮੁਤਾਬਕ ਨਹੀਂ ਸੀ। ਪਹਿਲੀ ਸਦੀ ਵਿਚ ਕੁਝ ਅਜਿਹਾ ਹੀ ਹੋਇਆ ਸੀ। ਅਫ਼ਸੁਸ ਵਿਚ ਪੌਲੁਸ ਅਜਿਹੇ ਆਦਮੀਆਂ ਨੂੰ ਮਿਲਿਆ ਜਿਨ੍ਹਾਂ ਦਾ ਪਹਿਲਾਂ ਬਪਤਿਸਮਾ ਹੋ ਚੁੱਕਾ ਸੀ, ਪਰ ਉਨ੍ਹਾਂ ਨੂੰ ਮਸੀਹੀ ਸਿੱਖਿਆਵਾਂ ਦੀ ਲੋੜੀਂਦੀ ਸਮਝ ਨਹੀਂ ਸੀ। ਇਸ ਲਈ ਉਸ ਨੇ ਉਨ੍ਹਾਂ ਨੂੰ ਦੁਬਾਰਾ ਬਪਤਿਸਮਾb ਦੇਣ ਦਾ ਇੰਤਜ਼ਾਮ ਕੀਤਾ। (ਰਸੂ. 19:1-5) ਅੱਜ ਵੀ ਸਾਡਾ ਬਪਤਿਸਮਾ ਯਹੋਵਾਹ ਦੀਆਂ ਨਜ਼ਰਾਂ ਵਿਚ ਤਾਂ ਹੀ ਮਨਜ਼ੂਰ ਹੁੰਦਾ ਹੈ ਜੇ ਇਹ ਪਰਮੇਸ਼ੁਰ ਦੀ ਇੱਛਾ ਬਾਰੇ ਸਹੀ ਗਿਆਨ ਮੁਤਾਬਕ ਹੋਵੇ।
“ਪਿਤਾ, ਪੁੱਤਰ ਅਤੇ ਪਵਿੱਤਰ ਸ਼ਕਤੀ ਦੇ ਨਾਂ ʼਤੇ”
11. ‘ਪਿਤਾ, ਪੁੱਤਰ ਅਤੇ ਪਵਿੱਤਰ ਸ਼ਕਤੀ ਦੇ ਨਾਂ ʼਤੇ’ ਬਪਤਿਸਮਾ ਲੈਣ ਦਾ ਕੀ ਮਤਲਬ ਹੈ? (ਮੱਤੀ 28:18-20)
11 ਯਿਸੂ ਨੇ ਹੁਕਮ ਦਿੱਤਾ ਸੀ ਕਿ ਨਵੇਂ ਚੇਲਿਆਂ ਨੂੰ “ਪਿਤਾ ਦੇ ਨਾਂ ʼਤੇ, ਪੁੱਤਰ ਦੇ ਨਾਂ ʼਤੇ ਅਤੇ ਪਵਿੱਤਰ ਸ਼ਕਤੀ ਦੇ ਨਾਂ ʼਤੇ” ਬਪਤਿਸਮਾ ਦਿੱਤਾ ਜਾਵੇ। (ਮੱਤੀ 28:18-20 ਪੜ੍ਹੋ।) ਇਸ ਦਾ ਕੀ ਮਤਲਬ ਹੈ? ਬਾਈਬਲ ਵਿਚ “ਨਾਂ” ਸ਼ਬਦ ਦਾ ਅਕਸਰ ਮਤਲਬ ਹੁੰਦਾ ਹੈ ਕਿ ਇਕ ਵਿਅਕਤੀ ਦੀ ਲੋਕਾਂ ਵਿਚ ਕਿਹੋ ਜਿਹੀ ਪਛਾਣ ਹੈ। ਇਹ ਉਸ ਦੇ ਅਹੁਦੇ ਅਤੇ ਅਧਿਕਾਰ ਨੂੰ ਵੀ ਦਰਸਾਉਂਦਾ ਹੈ। ਇਸ ਲਈ ਜਦੋਂ ਅਸੀਂ ਕਿਸੇ ਦੇ “ਨਾਂ ʼਤੇ” ਕੁਝ ਕਰਦੇ ਹਾਂ, ਤਾਂ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਉਸ ਦੇ ਅਧਿਕਾਰ ਨੂੰ ਸਵੀਕਾਰ ਕਰਦੇ ਹਾਂ। (ਮੱਤੀ 10:41) ਆਓ ਅਸੀਂ ਦੇਖੀਏ ਕਿ ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ਪਿਤਾ ਤੇ ਪੁੱਤਰ ਦੇ ਰੁਤਬੇ ਅਤੇ ਅਧਿਕਾਰ ਨੂੰ ਸਵੀਕਾਰ ਕਰਦੇ ਹਾਂ ਅਤੇ ਪਵਿੱਤਰ ਸ਼ਕਤੀ ਦੀ ਭੂਮਿਕਾ ਨੂੰ ਸਮਝਦੇ ਹਾਂ।
12. ਪਿਤਾ ਦੇ ਨਾਂ ʼਤੇ ਬਪਤਿਸਮਾ ਲੈਣ ਦਾ ਕੀ ਮਤਲਬ ਹੈ? (ਪ੍ਰਕਾਸ਼ ਦੀ ਕਿਤਾਬ 4:11) (ਤਸਵੀਰ ਵੀ ਦੇਖੋ।)
12 ਪਿਤਾ ਦੇ ਨਾਂ ʼਤੇ। ਅਸੀਂ ਮੰਨਦੇ ਹਾਂ ਕਿ ਯਹੋਵਾਹ ਸਾਡਾ ਸਵਰਗੀ ਪਿਤਾ ਜਾਂ ਜੀਵਨਦਾਤਾ ਹੈ। ਉਹ ਸਰਬਸ਼ਕਤੀਮਾਨ ਪਰਮੇਸ਼ੁਰ ਅਤੇ ਸ੍ਰਿਸ਼ਟੀਕਰਤਾ ਹੈ। (ਪ੍ਰਕਾਸ਼ ਦੀ ਕਿਤਾਬ 4:11 ਪੜ੍ਹੋ।) ਅਸੀਂ ਇਹ ਵੀ ਸਵੀਕਾਰ ਕਰਦੇ ਹਾਂ ਕਿ ਉਹ ਪ੍ਰਾਰਥਨਾਵਾਂ ਦਾ ਸੁਣਨ ਵਾਲਾ ਹੈ। ਜਦੋਂ ਅਸੀਂ ਪ੍ਰਾਰਥਨਾ ਕਰਦੇ ਹਾਂ ਜਾਂ ਦੂਸਰਿਆਂ ਨੂੰ ਉਸ ਦੇ ਨਾਂ ਬਾਰੇ ਦੱਸਦੇ ਹਾਂ, ਤਾਂ ਅਸੀਂ ਆਦਰ ਨਾਲ ਅਤੇ ਬਿਨਾਂ ਝਿਜਕੇ ਉਸ ਦਾ ਨਾਂ ਲੈਂਦੇ ਹਾਂ। (ਜ਼ਬੂ. 65:2) ਪਰ ਪਿਤਾ ਦੇ ਨਾਂ ʼਤੇ ਬਪਤਿਸਮਾ ਲੈਣ ਵਿਚ ਇਕ ਹੋਰ ਗੱਲ ਸ਼ਾਮਲ ਹੈ। ਪੰਤੇਕੁਸਤ ਵਾਲੇ ਦਿਨ ਪਤਰਸ ਦੀ ਗੱਲ ਸੁਣਨ ਵਾਲੇ ਲੋਕ ਪਹਿਲਾਂ ਹੀ ਯਹੋਵਾਹ ਬਾਰੇ ਜਾਣਦੇ ਸੀ। ਪਰ ਹੁਣ ਉਨ੍ਹਾਂ ਨੂੰ ਇਹ ਸਮਝਣ ਦੀ ਲੋੜ ਸੀ ਕਿ ਸਿਰਫ਼ ਯਹੋਵਾਹ ਹੀ ਯਿਸੂ ਮਸੀਹ ਰਾਹੀਂ ਹਮੇਸ਼ਾ ਦੀ ਜ਼ਿੰਦਗੀ ਦਿੰਦਾ ਹੈ।—ਰੋਮੀ. 5:8.
ਆਪਣੇ ਬਪਤਿਸਮੇ ਤੋਂ ਬਾਅਦ ਵੀ ਪਿਤਾ ਦੇ ਅਹੁਦੇ ਅਤੇ ਅਧਿਕਾਰ ਨੂੰ ਸਵੀਕਾਰ ਕਰਦੇ ਰਹੋ (ਪੈਰਾ 12 )
13. ਪੁੱਤਰ ਦੇ ਨਾਂ ʼਤੇ ਬਪਤਿਸਮਾ ਲੈਣ ਦਾ ਕੀ ਮਤਲਬ ਹੈ? (ਤਸਵੀਰ ਵੀ ਦੇਖੋ।)
13 ਪੁੱਤਰ ਦੇ ਨਾਂ ʼਤੇ। ਅਸੀਂ ਇਹ ਗੱਲ ਸਵੀਕਾਰ ਕਰਦੇ ਹਾਂ ਕਿ ਯਿਸੂ ਹੀ ਪਰਮੇਸ਼ੁਰ ਦਾ ਇਕਲੌਤਾ ਪੁੱਤਰ ਹੈ। ਯਿਸੂ ਹੀ ਉਹ ਇੱਕੋ-ਇਕ “ਰਾਹ” ਹੈ ਜਿਸ ਦੇ ਜ਼ਰੀਏ ਯਹੋਵਾਹ ਨਾਲ ਸਾਡਾ ਚੰਗਾ ਰਿਸ਼ਤਾ ਬਣ ਸਕਦਾ ਹੈ। (ਯੂਹੰ. 14:6) ਯਿਸੂ ਸਾਡਾ ਮੁਕਤੀਦਾਤਾ ਵੀ ਹੈ ਜੋ ਸਾਡੇ ਲਈ ਮਰਿਆ ਤਾਂਕਿ ਸਾਨੂੰ ਜ਼ਿੰਦਗੀ ਮਿਲ ਸਕੇ। ਇਹ ਗੱਲਾਂ ਜਾਣ ਕੇ ਅਸੀਂ ਸਿਰਫ਼ ਆਪਣੇ ਬਪਤਿਸਮੇ ਵਾਲੇ ਦਿਨ ਹੀ ਨਹੀਂ, ਸਗੋਂ ਹਰ ਰੋਜ਼ ਉਸ ਦੀ ਮਿਸਾਲ ʼਤੇ ਚੱਲਣਾ ਚਾਹੁੰਦੇ ਹਾਂ। (1 ਯੂਹੰ. 2:6) ਇਸ ਲਈ ਅਸੀਂ ਉਸ ਵਾਂਗ ਮੁਸ਼ਕਲਾਂ ਦੇ ਬਾਵਜੂਦ ਵੀ ਜੋਸ਼ ਨਾਲ ਪ੍ਰਚਾਰ ਕਰਦੇ ਹਾਂ। (ਲੂਕਾ 4:43) ਨਾਲੇ ਅਸੀਂ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰਦੇ ਰਹਿਣ ਲਈ ਅਤਿਆਚਾਰ ਸਹਿਣ ਵਾਸਤੇ ਵੀ ਤਿਆਰ ਹਾਂ। (2 ਤਿਮੋ. 3:12) ਯਿਸੂ “ਮੰਡਲੀ ਦਾ ਸਿਰ” ਹੈ, ਇਸ ਲਈ ਅਸੀਂ ਉਸ ਦਾ ਆਦਰ ਕਰਦੇ ਹਾਂ ਅਤੇ ਖ਼ੁਸ਼ੀ ਨਾਲ ਉਨ੍ਹਾਂ ਭਰਾਵਾਂ ਦੇ ਅਧੀਨ ਰਹਿੰਦੇ ਹਾਂ ਜਿਨ੍ਹਾਂ ਨੂੰ ਉਸ ਨੇ ਆਪਣੇ ਚੇਲਿਆਂ ਦੀ ਅਗਵਾਈ ਅਤੇ ਦੇਖ-ਭਾਲ ਕਰਨ ਦੀ ਜ਼ਿੰਮੇਵਾਰੀ ਦਿੱਤੀ ਹੈ।—ਅਫ਼. 4:8, 11, 12; 5:23.
ਬਪਤਿਸਮੇ ਤੋਂ ਬਾਅਦ ਵੀ ਪੁੱਤਰ ਦੇ ਅਹੁਦੇ ਅਤੇ ਅਧਿਕਾਰ ਨੂੰ ਮੰਨਦੇ ਰਹੋ (ਪੈਰਾ 13 ਦੇਖੋ)
14. (ੳ) ਪਵਿੱਤਰ ਸ਼ਕਤੀ ਦੇ ਨਾਂ ʼਤੇ ਬਪਤਿਸਮਾ ਲੈਣ ਦਾ ਕੀ ਮਤਲਬ ਹੈ? (ਤਸਵੀਰ ਵੀ ਦੇਖੋ।) (ਅ) ਚੁਣੇ ਹੋਏ ਮਸੀਹੀਆਂ ਦਾ ਹੋਰ ਕਿਹੜਾ-ਕਿਹੜਾ ਬਪਤਿਸਮਾ ਹੁੰਦਾ ਹੈ? (“ਚੁਣੇ ਹੋਇਆਂ ਦੇ ਬਪਤਿਸਮੇ” ਨਾਂ ਦੀ ਡੱਬੀ ਦੇਖੋ।)
14 ਪਵਿੱਤਰ ਸ਼ਕਤੀ ਦੇ ਨਾਂ ʼਤੇ। ਅਸੀਂ ਪਵਿੱਤਰ ਸ਼ਕਤੀ ਬਾਰੇ ਸੱਚਾਈ ਨੂੰ ਸਵੀਕਾਰ ਕਰਦੇ ਹਾਂ। ਪਵਿੱਤਰ ਸ਼ਕਤੀ ਕੋਈ ਵਿਅਕਤੀ ਜਾਂ ਤ੍ਰਿਏਕ ਦਾ ਹਿੱਸਾ ਨਹੀਂ ਹੈ, ਪਰ ਇਹ ਪਰਮੇਸ਼ੁਰ ਦੇ ਕੰਮ ਕਰਨ ਦੀ ਸ਼ਕਤੀ ਹੈ। ਅਸੀਂ ਇਹ ਵੀ ਸਵੀਕਾਰ ਕਰਦੇ ਹਾਂ ਕਿ ਪਵਿੱਤਰ ਸ਼ਕਤੀ ਨੇ ਨਬੀਆਂ ਦੀ ਅਤੇ ਬਾਈਬਲ ਲਿਖਾਰੀਆਂ ਦੀ ਅਗਵਾਈ ਕੀਤੀ, ਇਸ ਲਈ ਅਸੀਂ ਹਰ ਰੋਜ਼ ਬਾਈਬਲ ਪੜ੍ਹਦੇ ਅਤੇ ਸਿੱਖੀਆਂ ਗੱਲਾਂ ਨੂੰ ਲਾਗੂ ਕਰਦੇ ਹਾਂ। (2 ਪਤ. 1:20, 21) ਨਾਲੇ ਅਸੀਂ ਗੰਭੀਰ ਪਾਪ ਕਰਨ ਤੋਂ ਵੀ ਦੂਰ ਰਹਿੰਦੇ ਹਾਂ ਕਿਉਂਕਿ ਗੰਭੀਰ ਪਾਪ ਕਰਨ ਨਾਲ ਸਾਡੇ ʼਤੇ ਤਾਂ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਕੰਮ ਨਹੀਂ ਕਰੇਗੀ, ਸਗੋਂ ਅਸੀਂ ਇਸ ਨੂੰ ਮੰਡਲੀ ʼਤੇ ਵੀ ਕੰਮ ਕਰਨ ਤੋਂ ਰੋਕਾਂਗੇ।—ਅਫ਼. 4:30.
ਬਪਤਿਸਮੇ ਤੋਂ ਬਾਅਦ ਵੀ ਪਵਿੱਤਰ ਸ਼ਕਤੀ ਦੀ ਭੂਮਿਕਾ ਨੂੰ ਪਛਾਣਦੇ ਰਹੋ (ਪੈਰਾ 14 ਦੇਖੋ)
15. ਸਾਨੂੰ ਕਿਸ ਗੱਲ ਦਾ ਪੱਕਾ ਇਰਾਦਾ ਕਰਨਾ ਚਾਹੀਦਾ ਹੈ?
15 ਜੇ ਤੁਸੀਂ ਬਪਤਿਸਮਾ-ਪ੍ਰਾਪਤ ਮਸੀਹੀ ਹੋ, ਤਾਂ ਪੱਕਾ ਇਰਾਦਾ ਕਰੋ ਕਿ ਤੁਸੀਂ “ਬਪਤਿਸਮਿਆਂ ਦੀ ਸਿੱਖਿਆ”c ਨੂੰ ਪੂਰੀ ਤਰ੍ਹਾਂ ਸਮਝੋਗੇ। ਨਾਲੇ ਤੁਸੀਂ ਉਸ ਵਾਅਦੇ ਨੂੰ ਹਮੇਸ਼ਾ ਨਿਭਾਓਗੇ ਜੋ ਤੁਸੀਂ ਆਪਣੇ ਸਮਰਪਣ ਅਤੇ ਬਪਤਿਸਮੇ ਰਾਹੀਂ ਯਹੋਵਾਹ ਨਾਲ ਕੀਤਾ ਹੈ। ਪਰ ਉਦੋਂ ਕੀ ਜੇ ਤੁਸੀਂ ਹਾਲੇ ਬਪਤਿਸਮਾ ਨਹੀਂ ਲਿਆ ਹੈ? ਕੀ ਤੁਹਾਨੂੰ ਬਪਤਿਸਮਾ ਲੈਣ ਤੋਂ ਕੋਈ ਚੀਜ਼ ਰੋਕ ਰਹੀ ਹੈ? ਅਗਲੇ ਲੇਖ ਵਿਚ ਅਸੀਂ ਚਰਚਾ ਕਰਾਂਗੇ ਕਿ ਅਸੀਂ ਬਪਤਿਸਮੇ ਵੱਲ ਕਦਮ ਵਧਾਉਣ ਲਈ ਕਿਹੜੇ ਕੰਮ ਕਰ ਸਕਦੇ ਹਾਂ।
ਗੀਤ 161 ਦਿਲ ਖ਼ੁਸ਼ ਤੇਰਾ ਕਰਨਾ ਚਾਹਵਾਂ
a ਯੂਨਾਨੀ ਦੇ ਬੈਪਟਿਸਮਾ ਸ਼ਬਦ ਦਾ ਅਨੁਵਾਦ ਬਪਤਿਸਮਾ ਕੀਤਾ ਗਿਆ ਅਤੇ ਇਸ ਦਾ ਮਤਲਬ ਹੈ, ਪਾਣੀ ਵਿਚ “ਡੁਬਕੀ ਦੇਣੀ” ਜਾਂ “ਗੋਤਾ ਦੇਣਾ।” ਇਸ ਲਈ ਬਪਤਿਸਮੇ ਦਾ ਮਤਲਬ ਹੈ, ਇਕ ਵਿਅਕਤੀ ਨੂੰ ਪਾਣੀ ਵਿਚ ਪੂਰੀ ਤਰ੍ਹਾਂ ਡੁਬਕੀ ਦੇਣੀ, ਨਾ ਕਿ ਉਸ ʼਤੇ ਪਾਣੀ ਛਿੜਕਣਾ ਜਿੱਦਾਂ ਕਿ ਕੁਝ ਧਰਮਾਂ ਵਿਚ ਸਿਖਾਇਆ ਜਾਂਦਾ ਹੈ।
b ਅਫ਼ਸੁਸ ਵਿਚ ਰਹਿਣ ਵਾਲੇ ਆਦਮੀਆਂ ਨੇ ਉਹ ਬਪਤਿਸਮਾ ਲਿਆ ਸੀ “ਜਿਹੜਾ ਯੂਹੰਨਾ ਦਿੰਦਾ ਸੀ।” (ਰਸੂ. 19:3) ਯੂਹੰਨਾ ਬਪਤਿਸਮਾ ਦੇਣ ਵਾਲੇ ਨੇ ਯਹੂਦੀਆਂ ਨੂੰ ਬੇਨਤੀ ਕੀਤੀ ਕਿ ਉਹ ਮੂਸਾ ਦੇ ਕਾਨੂੰਨ ਦੇ ਖ਼ਿਲਾਫ਼ ਕੀਤੇ ਪਾਪਾ ਤੋਂ ਤੋਬਾ ਕਰਨ। ਫਿਰ ਉਸ ਨੇ ਉਨ੍ਹਾਂ ਨੂੰ ਬਪਤਿਸਮਾ ਦਿੱਤਾ ਜਿਨ੍ਹਾਂ ਨੇ ਉਸ ਦੀ ਗੱਲ ਸੁਣ ਕੇ ਕਦਮ ਚੁੱਕਿਆ ਸੀ। (ਮਰ. 1:4, 5) ਪਰ ਜਦੋਂ ਮੂਸਾ ਦਾ ਕਾਨੂੰਨ ਖ਼ਤਮ ਹੋ ਗਿਆ, ਤਾਂ ਇਸ ਬਪਤਿਸਮੇ ਦੀ ਕੋਈ ਮਹੱਤਤਾ ਨਹੀਂ ਰਹੀ। ਇਸ ਤੋਂ ਬਾਅਦ ਪਰਮੇਸ਼ੁਰ ਨੂੰ “ਇਕ ਹੀ ਬਪਤਿਸਮਾ” ਮਨਜ਼ੂਰ ਹੈ ਜੋ ਸਾਨੂੰ ਮੁਕਤੀ ਦੇ ਰਾਹ ʼਤੇ ਲੈ ਕੇ ਜਾਂਦਾ ਹੈ।—ਅਫ਼. 4:5.
c jw.org/pa ਅਤੇ JW ਲਾਇਬ੍ਰੇਰੀ ʼਤੇ “ਬਾਈਬਲ ਵਿੱਚੋਂ ਸਵਾਲਾਂ ਦੇ ਜਵਾਬ” ਦੇ ਲੜੀਵਾਰ ਲੇਖਾਂ ਵਿੱਚੋਂ “ਬਪਤਿਸਮਾ ਲੈਣ ਦਾ ਕੀ ਮਤਲਬ ਹੈ?” ਨਾਂ ਦਾ ਲੇਖ ਪੜ੍ਹੋ।
d ਤਸਵੀਰ ਬਾਰੇ ਜਾਣਕਾਰੀ: ਸੰਮੇਲਨ ਵਿਚ ਬਪਤਿਸਮੇ ਦੇ ਉਮੀਦਵਾਰ ਸਾਰਿਆਂ ਸਾਮ੍ਹਣੇ ਆਪਣੀ ਨਿਹਚਾ ਦਾ ਐਲਾਨ ਕਰਨ ਲਈ ਖੜ੍ਹੇ ਹੋਏ ਹਨ।